Arpinder Singh Sekhon

ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਜੀ ! - ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ

ਸਲੋਕੁ ॥  ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥ ਅੱਜ ਦੇ ਪਾਵਨ ਪਵਿੱਤਰ ਦਿਹਾੜੇ ਕੇ ਸਮੁੱਚੀ ਲੋਕਾਈ ਨੂੰ ਸ੍ਰੋਮਣੀ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਾਨ ਕੋਟ ਵਧਾਈਆਂ ਜੀ ! ਭਲਿਓ ਭਗਤ ਰਵੀਦਾਸ ਜੀ ਕਿਤੇ ਦੂਰ ਥੋੜੀ ਨੇ ਹਾਢੇ ਤੋਂ, ਸਾਡੇ ਵਿੱਚ ਨੇ, ਸਾਡੇ ਅੰਗ ਸੰਗ ਹਨ ! ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਾਖ਼ਸ਼ਾਤ ਬਿਰਾਜਮਾਨ ਨੇ ! ਸਮੱਸਤ ਗੁਰੂ ਨਾਨਕ ਨਾਮ ਲੇਵਾ ਪ੍ਰਾਣੀ ਸਵਾਸ ਸਵਾਸ ਨਤਮਸਤਕ ਹੋ ਰਹੇ ਨੇ ਭਗਤ ਜੀ ਦੀ ਹਿਰਦੇ ਠਾਰਨ ਵਾਲੀ ਬਾਣੀ ਨੂੰ ਤੇ ਨਿਹਾਲੋ ਨਿਹਾਲ ਹੋ ਰਹੇ ਹਨ ! ਭਗਤ ਰਵੀਦਾਸ ਜੀ ਮਾਤਲੋਕ ਤੇ ਇਕ ਇਨਕਲਾਬ ਨੇ ਉਹ ਸਾਨੂੰ ਹੱਥੀਂ ਕਿਰਤ ਕਰਨ ਦਾ ਵੱਲ ਦੱਸ ਜੋੜੇ ਈ ਨਹੀ ਗੰਢ ਰਹੇ ! ਉਹ ਤੇ ਟੁੱਟੀਆਂ ਗੰਢ ਰਹੇ ਆ ! ਪਰਮੇਸ਼ਰ ਨਾਲ ਜੋੜ ਰਹੇ ਆ ! ਖਾਲਸ ਰਾਜ ਦੀ ਗਲ ਕਰ ਧਰਤੀ ਤੇ ਸਵਰਗ ਸਿਰਜਣ ਦੀ ਬਾਤ ਪਾ ਰਹੇ ਆ ! ਧੰਨ ਹਨ ਭਗਤ ਰਵੀਦਾਸ ਜੀ ਜੋ ਖਾਲਸ ਰਾਜ ਦੀ ਗੱਲ ਕਿੰਨੀ ਅਗੇਤੀ ਕਰ ਗਏ ! ਜੋ ਦੋਹਰਾ ਅੱਜ ਸਿੱਖ ਸੁਭਾ ਸ਼ਾਮ ਨਿਤਾ ਪ੍ਰਤੀ ਪੜਦਾ ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ ਭਗਤ ਜੀ ਨੇ ਆਖ ਦਿੱਤਾ :- ਬੇਗ਼ਮਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ, ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ ੩੪੫} ਧੰਨ ਹਨ ਭਗਤ ਰਵੀਦਾਸ ਜੀ ਤੇ ਧੰਨ ਹਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜਿੰਨਾ ਭਗਤ ਸਾਹਿਬ ਦਾ ਬਾਣੀ ਨੂੰ ਏਨੇ ਸਤਿਕਾਰ ਨਾਲ ਸਰਬ ਸਾਂਝੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਨ ਦਿੱਤਾ ! ਕਮਾਲ ਦੀ ਕਲਾ ਧੰਨ ਸਤਿਗੁਰ ਪੰਚਮ ਪਾਤਸ਼ਾਹ ਜੀਆਂ ਨੇ ਸ਼ਬਦ ਗੁਰੂ ਨੂੰ ਪੋਥੀ ਪਰਮੇਸ਼ਰ ਕਾ ਥਾਨ ਆਖ ਦਿੱਤਾ ! ਗਜ਼ਬ ਦਾ ਅਦਬ ਵੇਖੋ ਗੁਰੂ ਅਰਜਨ ਦੇਵ ਜੀ ਪੋਥੀ ਸਾਹਿਬ ਦਾ ਸੁੱਖ ਆਸਨ ਪੀੜਾ ਸਾਹਿਬ ਤੇ ਕਰਦੇ ਹਨ ਤੇ ਆਪ ਹੇਠਾਂ ਚਟਾਈ ਵਿਛਾ ਕਰਕੇ ਅਰਾਮ ਫਰਮਾਉਦੇ ਹਨ ! ਧੰਨ ਗਰੂ ਪੰਚਮ ! ਸੁਨਹਿਰੀ ਹਰਿਮੰਦਰ ਸਾਹਿਬ ਵਿੱਚ ਸਸ਼ੋਬਿਤ ਭਗਤ ਰਵੀਦਾਸ ਜੀ ਨੂੰ ਕੁਹ ਡੇਰੇਦਾਰ ਵੱਖ ਵੇਖਣ ਦਾ ਘੋਰ ਅਪਰਾਧ ਕਰ ਰਹੇ ਹਨ ਤੇ ਇਕ ਫਿਰਕੇ ਤੱਕ ਸੀਮਤ ਕਰ ਦੇਣਾ ਚਾਹੁੰਦੇ ਹਨ ਸੋ ਭਗਤ ਜੀ ਨੂੰ ਪ੍ਰੇਮ ਕਰਨ ਵਾਲੇ ਸਾਵਧਾਨ ! ਭਗਤ ਰਵੀਦਾਸ ਜੀ ਸੱਭ ਦੇ ਨੇ ਜੱਗ ਦੇ ਨੇ ! ਕੋਟਾਨ ਕੋਟਿ ਪ੍ਰਣਾਮ ! ਹੋਈਆਂ ਭੁੱਲਾਂ ਦੀ ਖਿਮਾਂ Bittu Arpinder Singh Frankfurt Germany

ਜਗਤ ਗੁਰੂ ਬਾਬਾ ਨਾਨਕ ਜੀ ਦੇ ਆਗਮਨ ਪੁਰਬ ਦੀਆਂ ਕੁਲ ਲੋਕਾਈ ਨੂੰ ਕੋਟਾਨ ਕੋਟਿ ਵਧਾਈਆਂ ਜੀ !- ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ


ਅੱਜ ਤੋਂ ੫੫੪ ਵਰ੍ਹੇ ਪਹਿਲਾਂ ੧੪੬੯ ਈਸਵੀ ਨੂੰ ਜਗਤ ਜਲੰਦੇ ਦਾ ਪਾਰ ਉਤਾਰਾ ਕਰਨ ਲਈ ਰਾਏ ਭੋਏ ਦੀ ਤਲਵੰਡੀ ਹੁਣ ਸ੍ਰੀ ਨਨਕਾਣਾ ਸਾਹਿਬ ਵਿਖੇ ਅਕਾਲ ਰੂਪੀ ਬਾਬਾ ਜੀ ਪ੍ਰਗਟ ਹੋਏ ! ਇਹ ਕਿਰਨ ਹਿੰਦੁਸਤਾਨ ਲਈ ਇਕ ਨਵੇਂ ਯੁੱਗ ਦੀ ਅਰੰਭਤਾ ਸੀ ! ਸਦੀਆਂ ਤੋ ਹੁਕਮਰਾਨਾਂ ਵੱਲੋਂ ਲਿਤਾੜੇ ਜਾ ਰਹੇ ਗੁਲਾਮਾਂ ਤੇ ਧਾਰਮਿਕ ਪਖੰਡਵਾਦ ਦਾ ਸ਼ਿਕਾਰ ਹੋ ਰਹੀ ਲੋਕਾਈ ਵਾਸਤੇ ਇਕ ਇਨਕਲਾਬ ਸੀ।
ਸੱਭ ਤੋਂ ਪਹਿਲਾਂ ਗੁਰੂ ਬਾਬੇ ਨੇ ਗਣਿਤ ਦਾ ਏਕਾ ਤੇ ਵਰਣ-ਮਾਲਾ ਦਾ ਖੁੱਲਾ ਊੜਾ ਪਾ ਕੇ ਪਾਂਡੇ ਨੂੰ ਪੜਨੇ ਪਾਇਆ ਤੇ ਆਖਿਆ, ਹੇ ਪਾਂਡੇ ੴ ਤੋਂ ਪਰੇ ਕੁਹ ਨਹੀਂ ਸੱਭ ਉਸ ਦਾ ਹੀ ਪਸਾਰਾ ਏ ! ਨੀਚੋਂ ਊਚ ਕਰਨ ਵਾਲੇ ਸੱਚੇ ਸਤਿਗੁਰ ਨੇ ਕਦੇ ਭਾਈ ਲਾਲੋ ਜੀ ਘਰ ਚੌੰਕੜਾ ਮਾਰ ਕਿਰਤੀ ਤੇ ਕਿਰਤ ਨੂੰ ਵਡਿਆਇਆ ਤੇ ਕਦੇ ਮਰਦਾਨੇ ਨੂੰ ਅੰਗ-ਸੰਗ ਰੱਖ ਜ਼ਾਤਾਂ ਪਾਤਾਂ ਦੇ ਭਰਮ ਤੋੜੇ ! ਚੜ ਕੇ ਆਏ ਜਰਵਾਣੇ ਬਾਬਰ ਨੂੰ ਜਾਬਰ ਤੱਕ ਆਖ ਦਿੱਤਾ ! ਲੋਕਾਈ ਦਾ ਦਰਦ ਵੇਖ ਰੱਬ ਤੱਕ ਨੂੰ ਮੇਹਣਾ ਮਾਰ ਦਿੱਤਾ ! ਮੇਰੇ ਬਾਬੇ ਨੇ ਐਸਾ ਸੌਦਾ ਕੀਤਾ ਕਿ ਸਦੈਵ ਕਾਲ ਲਈ ਬਰਕਤਾਂ ਹੀ ਬਰਕਤਾਂ ਹੋ ਨਿਬੜਿਆ ! ਇਕ ਵਾਰ ਪੰਗਤ ਕੀ ਲਾਈ ਅਜੇ ਤੱਕ ਨਾਂ ਕਤਾਰ ਟੁੱਟੀ ਨਾਂ ਸੌਦਾ ਮੁੱਕਾ ਤੇ ਕਦੇ ਮੁੱਕਣਾ ਵੀ ਨਹੀਂ ।
ਵਹਿਮਾਂ ਭਰਮਾਂ ਦਾ ਖੰਡਨ ਕਰਦੀ ਤੇ ਤਪਦੇ ਹਿਰਦਿਆਂ ਨੂੰ ਠਾਰਦੀ ਬਾਣੀ ਚਹੁੰ ਕੁੰਟਾ ਵਿੱਚ ਗੂੰਜੀ ! ਮਰਦਾਨੇ ਦੀ ਰਬਾਬ ਚੋਂ ਨਿਕਲੇ ਰਾਗ ਸ੍ਰੀ ਲੰਕਾ ਤੋਂ ਮਦੀਨੇ ਤੱਕ ਦੇ ਲੋਕਾਂ ਨੇ ਮਾਣੇ ! ਹਜ਼ਾਰਾਂ ਕੋਹਾਂ ਦਾ ਸਫਰ ਤਹਿ ਕਰ ਦੁਨਿਆਂਵੀ ਫ਼ਿਲਾਸਫ਼ਰਾਂ ਦੇ ਵਹਿਮ ਭਰਮ ਕੱਢ ਬਾਬੇ ਕਿਰਸਾਣੀ ਬਾਣਾ ਪਾ ਹਲ਼ ਦੀ ਜੰਘੀ ਫੜ ਕਿਰਤ ਕਰਨ ਦਾ ਵਲ ਦਸਿਆ ! ਅਕਾਲ ਰੂਪੀ ਬਾਬੇ ਨੇ ਕਿਰਤ ਕਰਨ, ਨਾਮ ਜਪਣ, ਤੇ ਵੰਡ ਛੱਕਣ ਦਾ ਜੋ ਸਬਕ ਸਾਨੂੰ ਦਿੱਤਾ ਇਹ ਇਕ ਨਰੋਏ ਤੇ ਸਭਿਅੱਕ ਸਮਾਜ ਲਈ ਨਵਾਂ ਇਨਕਲਾਬ ਸੀ
ਗੁਰੂ ਬਾਬੇ ਦੀਆਂ ਬਖ਼ਸ਼ਿਸ਼ਾਂ ਅਪਾਰ ਨੇ ਕੋਈ ਦੁਨਿਆਵੀ ਕਲਮ ਰਹਿਮਤਾਂ ਦਾ ਵਰਨਣ ਕਰ ਹੀ ਨਹੀਂ ਸਕਦੀ ! ਸਿਰਫ ਸਿਜਦੇ ਕੋਟਾਨ ਕੋਟਿ ਸਿੱਜਦੇ ਹੀ ਕਰ ਸਕਦੇ ਹਾਂ !
ਸੋ ਆਓ ਸਾਰੇ ਅੱਜ ਦੇ ਪਾਕ ਪਵਿੱਤਰ ਦਿਹਾੜੇ ਤੇ ਸਤਿਗੁਰ ਦੇ ਚਰਨਾਂ ਚ, ਅਰਜੋਈ ਕਰੀਏ ਕਿ ਹੇ ਸੱਚੇ ਪਾਤਸ਼ਾਹ ਸਾਨੂੰ ਕਿਰਤ ਕਰਨ ਨਾਮ ਜਪਣ ਤੇ ਵੰਡ ਛੱਕਣ ਦੀ ਸਮਰੱਥਾ ਬਖ਼ਸ਼ੋ ਤੇ ਨਾਲ ਹੀ ਬੇਇਨਸਾਫੀ ਵਿਰੁੱਧ ਅਵਾਜ ਬੁਲੰਦ ਕਰਨ ਦੀ ਤਾਕਤ ਭਾਵ ਬਾਬਰ ਨੂੰ ਜਾਬਰ ਕਹਿਣ ਦੀ ਜੁਅੱਰਤ ਵੀ ਦਓ ਜੀ !
ਹੋਈਆਂ ਭੁੱਲਾਂ ਲਈ ਬਖ਼ਸ਼ ਲਓ ਜੀ !
ਗੁਰੂ ਨਾਨਕ ਨਾਮ ਚੜਦੀ ਕਲਾ
ਤੇਰੇ ਭਾਣੇ ਸਰਬੱਤ ਦਾ ਭਲਾ
Bittu Arpinder Singh

ਪੰਜਾਬੀ - ਬਿੱਟੂ ਅਰਪਿੰਦਰ ਸਿੰਘ


ਇਹ ਤਸਵੀਰ ਵਿੱਚ ਕੰਧ ਤੇ ਲੱਗੀਆਂ ਤਸਵੀਰਾਂ ਤੇ ਸਾਹਮਣੇ ਖੜੇ ਗਿਆਰਾਂ ਨਗ ਬੜਾ ਕੁਹ ਬਿਆਨ ਕਰ ਰਹੇ ਆ ! ਗੱਲ ਪੰਜਾਬੀ ਦੀ ਆ ਤੇ ਜ਼ਿਕਰ ਨਾਲ ਫ਼ਿਕਰ ਕਰਨਾ ਵੀ ਬਣਦਾ !
ਪਿੱਛਲੇ ਦਿਨੀ ਪੰਜਾਬ ਵਿੱਚ ਈ ਪੰਜਾਬੀ ਦੀ ਹੋ ਰਹੀ ਦੁਰਗਤੀ ਦੀ ਗੱਲ ਚੱਲੀ ਜੋ ਨਿੱਕੀ ਗੱਲ ਨਹੀਂ ਸੀ ! ਜੋ ਇਕ ਸੋਚੀ ਸਮਝੀ ਸਾਜ਼ਸ਼ ਦਾ ਹਿੱਸਾ ਏ । ਸੈਂਕੜੇ ਕਾਨਵੈਂਟ ਸਕੂਲਾਂ ਤੋਂ ਇਲਾਵਾ ਪੰਜਾਬ ਵਿੱਚ ਡੇਢ ਸੌ ਦੇ ਕਰੀਬ ਵਿੱਦਿਆ ਭਾਰਤੀ ਆਲ਼ਿਆਂ ਦੇ ਵਿੱਦਿਆਲੇ ਨੇ ਜਿੱਥੇ ਆਰ ਐਸ ਐਸ ਸਾਜਿਸ਼ ਤਹਿਤ ਨਿਆਣਿਆਂ ਤੇ ਪੁੱਠੀ ਪਾਣ ਚਾਹੜ ਰਹੀ ਏ ! ਗੁਰੂਆਂ ਦੀ ਧਰਤੀ ਤੇ ਗੁਰਮੁਖੀ ਲਿੱਪੀ ਦੀ ਬੇਅਦਬੀ ਹੋ ਰਹੀ ਆ ! ਕਕਾਰਾਂ ਤੇ ਦਸਤਾਰਾਂ ਦਾ ਨਿਰਾਦਰ ਹੋ ਰਿਹਾ ! ਕੁਹ ਇਕ ਦਰਦਮੰਦਾਂ ਨੂੰ ਛੱਡ ਇਕ ਵੱਡਾ ਲਾਣਾ ਮੋਨ ਧਾਰੀ ਬੈਠਾ !
ਜੱਥੇਦਾਰਾਂ ਕਮੇਟੀਆਂ ਦੀਆਂ ਮਜਬੂਰੀਆਂ ਤੇ ਸਮਝ ਆਉਂਦੀਆਂ ! ਪਰ ਇਕ ਵੱਡਾ ਤਬਕਾ ਜੋ ਪੰਜਾਬੀ ਸਿਰੋਂ ਮੰਡੇ ਖਾ ਰਿਹਾ ਉਹਨਾਂ ਦੀ ਕੀ ਮਜਬੂਰੀ ਰੱਬ ਜਾਣੇ ! ਬੀਤੇ ਦਿਨੀ ਇਕ ਸਕੂਲ ਦੀ ਵੀਡੀਓ ਸਾਹਮਣੇ ਆਈ ਜਿੱਥੇ ਪਿੰਡਾਂ ਚੋ, ਪੜਨ ਆਏ ਬੱਚਿਆਂ ਨੂੰ ਕਕਾਰ ਪਾਉਣ ਤੇ ਪੰਜਾਬੀ ਬੋਲਣ ਤੋ ਵਰਜਿਆ ਈ ਨਹੀਂ ਜਾ ਰਿਹਾ ! ਸਗੋਂ ਜੁਰਮਾਨਾ ਕੀਤਾ ਜਾਂਦਾ ! ਬੱਚੀਆਂ ਨੂੰ ਸ਼ਾਮ ਦੀਆਂ ਕਲਾਸਾਂ ਲਾਉਣ ਨੂੰ ਕਿਹਾ ਜਾਂਦਾ ! ਬੀਤੇ ਵਰ੍ਹੇ ਉਸੇ ਸਕੂਲ ਵਿੱਚ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਦੇ ਮਾਮਲੇ ਵੀ ਸਾਹਮਣੇ ਆਏ ਸਨ ! ਦਰਅਸਲ ਇਹ ਕਹਾਣੀ ਇਕ ਸਕੂਲ ਦੀ ਨਹੀਂ ਆਏ ਦਿਨ ਵਾਪਰ ਰਹੀ ਏ ! ਕਾਰਨ ਇਹ ਕਿ ਕਾਨਵੈੰਟ ਤੇ ਵਿੱਦਿਆ ਭਾਰਤੀ ਦੇ ਨਾਂ ਤੇ ਇਹ ਭਰਿਸ਼ਟ ਅਦਾਰੇ ਤੇ ਦੁਕਾਨਾਂ ਪੰਜਾਬ ਦੇ ਹਰ ਬਲਾਕ ਵਿੱਚ ਖੁੱਲ ਚੁੱਕੀਆਂ ਨੇ !
ਲੋਕੋ ਜਾਗੋ ! ਇਹ ਮਸਲਾ ਬੜਾ ਗੰਭੀਰ ਤੇ ਜੜੀਂ ਤੇਲ ਦੇਣ ਵਾਲਾ ਜੋ ! ਕਿਸੇ ਪ੍ਰਚਾਰਕ, ਕਾਮਰੇਡ, ਅੱਪਗਰੇਡ, ਬਾਬੇ , ਸਾਧ ਤੇ ਲੀਡਰ ਨੇ ਨਹੀਂ ਜੋ ਬੋਲਣਾ ! ਆਪ ਸੋਚਣਾ ਪੈਣਾ ਜੋ ! ਆਪਣੇ ਨਿਆਣਿਆਂ ਨੂੰ ਦੱਸੋ ਕਿ ਜਦੋਂ ਹਾਢੇ ਵਡੇਰੇ ਬਾਹਲੇ ਪੜੇ ਲਿਖੇ ਨਹੀਂ ਸਨ ਓਹਨਾਂ ਰਾਜ ਭਾਗ ਸਥਾਪਿਤ ਕੀਤੇ ਤੇ ਆਹ ਵੱਡੇ ਪੜਾਕੂ ਵਿਦਵਾਨਾਂ ਦੀਆਂ ਕਰਤੂਤਾਂ ਕਰਕੇ ਲੋਕ ਆਪਣੀ ਧਰਤੀ ਤੇ ਪਾਤਸ਼ਾਹੀ ਦਾਵੇ ਤੋਂ ਮੁਨਕਰ ਹੋਏ ਫਿਰਦੇ ਆ ! ਜਿੱਥੇ ਕੜਾ ਪਾਉਣ ਤੇ ਜੁਰਮਾਨਾ ਹੋ ਰਿਹਾ ! ਸੱਭ ਭੱਦਰਪੁਰਖ ਉਹ ਨੇ ਜਿਨਾਂ ਲਈ ਗੁਰੂ ਪਾਤਸ਼ਾਹ ਜੀ ਨੇ ਆਖ ਦਿੱਤਾ
ਰੋਟੀਆ ਕਾਰਣਿ ਪੂਰਹਿ ਤਾਲ ॥
ਸਕੂਲਾਂ ਤੋਂ ਲੈ ਕੇ ਯੂਨੀਵਰਸਟੀਆਂ ਤੱਕ ਬੀਬੀਆਂ ਨਾਲ ਸ਼ੋਸ਼ਣ ਹੋ ਰਿਹਾ ਉਹ ਵੀ ਪੰਜਾਬ ਦੀ ਧਰਤੀ ਤੇ ਜਿਹੜੇ ਗਜ਼ਨੀ ਦੇ ਬਜ਼ਾਰਾਂ ਚੋ, ਮੋੜ ਕੇ ਲਿਆਉਂਦੇ ਰਹੇ ! ਕਾਰਣ ਤੇ ਇਹੋ ਲਗਦਾ ਬਈ ਕਿਤੇ ਪੰਜਾਬੀ ਜ਼ਿਆਦਾ ਈ ਮਾਡਰਨ ਹੋਗੇ !ਇਹੋ ਜਿਹੀ ਅੱਪਗਰੇਡਤਾ ਪੰਜਾਬੀਅਤ ਨੂੰ ਨਿਵਾਣਾਂ ਵੱਲ ਲੈ ਜਾਏ ਹਾਨੂੰ ਖ਼ੁਦ ਸੰਭਲ਼ਣਾ ਪੈਣਾ ! ਹਰ ਬੋਲੀ ਸਿੱਖੋ ਪਰ ਪਹਿਲਾਂ ਪੰਜਾਬੀ ਸਾਡਾ ਮਾਣ ਹੋਵੇ ! ਪੰਜਾਬੀ ਗੁਰਮੁਖੀ ਸਾਡੇ ਗੁਰੂ ਸਾਹਿਬਾਨਾਂ ਦੀ ਬੋਲੀ ਏ ! ਉਸ ਤੋਂ ਮੁਨਕਰ ਹੋਣਾ ਗੁਰੂ ਵੱਲ ਪਿੱਠ ਕਰਨ ਤੁੱਲ ਹੈ ! ਇਹ ਬੱਜਰ ਗੁਨਾਹ ਤੇ ਪਾਪ ਆਪਣੀ ਔਲਾਦ ਨਾਲ ਹਰਗਿਜ਼ ਨਾਂ ਕਰਿਓ !
ਖ਼ੈਰ ਯੂਨੀਵਰਸਿਟੀ ਦੀ ਤਸਵੀਰ ਬਿਆਨ ਕਰ ਰਹੀ ਹੈ ਕਿ ਦਾਤੀ ਸਕੂਲਾਂ ਚ, ਜੜਾਂ ਨੂੰ ਹੀ ਨਹੀਂ ਪਈ ਵਢਾਂਗਾ ਉਤੇ ਵੀ ਜਾਰੀ ਆ ! ਤਸਵੀਰ ਵਿੱਚ ਖਲੋਤੇ ਬੁੱਤਾਂ ਤੋਂ ਨਾਂ ਕੋਈ ਆਸ ਹੈ ਤੇ ਨਾ ਗਿਲਾ ਉਹ ਆਪਣਾ ਕਰਮ ਕਰ ਰਹੇ ਨੇ ! ਸ਼ਿਕਵਾ ਉਹਨਾਂ ਨਾਲ ਏ ਜੋ ਪੱਗਾਂ ਚ, ਸਿਰ ਫਸਾਈ ਪੰਜਾਬੀ ਸਿਰੋਂ ਖਾ ਰਹੇ ਨੇ ਪਰ ਬੋਲ ਨਹੀਂ ਰਹੇ ! ਪੰਜਾਬ ਦੇ ਗਾਇਕ, ਕਵੀ ਕਵਿਤਰੀਆਂ, ਵਿਦਵਾਨ , ਪ੍ਰੋਫੈਸਰ ਤੇ ਲੇਖਕ ਲਗਦਾ ਹਰਫ਼ਾਂ ਦੇ ਵਪਾਰੀ ਬਣ ਕੇ ਰਹਿ ਗਏ ਨੇ ! ਕਿਸੇ ਦੀ ਦੰਦਲ ਨਹੀਂ ਟੁੱਟ ਰਹੀ ! ਜੋ ਆਉਣ ਵਾਲੇ ਸਮੇਂ ਇਹਨਾਂ ਲਈ ਘਾਤਕ ਸਿੱਧ ਹੋ ਸਕਦੀ ਆ !
ਪੰਜਾਬੀ ਦੇ ਲੇਖਕ ਜਿਹੜੇ ਮੀਟਰ ਮੀਟਰ ਲੰਮੇ ਸਨਮਾਨ ਪੱਤਰ ਝੋਲਿਆਂ ਚ, ਪਾਈ ਫਿਰਦੇ ਨੇ ਸੋਚਣ ਕਿ ਜੇ ਕੱਲ ਨੂੰ ਪੰਜਾਬੀ ਪੜਨ ਵਾਲੀ ਪੀੜੀ ਨਾਂ ਬੱਚੀ ਕੌਣ ਪੜੂ ਤਾਹਡੀਆਂ ਲਿਖਤਾਂ ! ਫੇ ਇਸ ਰੱਦੀ ਦਾ ਕਿਨੇ ਪਤੀਸਾ ਵੀ ਨਹੀਂ ਦੇਣਾ ! ਤੇ ਰੋਇਓ ਵੇਖ ਵੇਖ ਸਹਿਤ ਪੁਰਸਕਾਰ ਤੇ ਪਦਮ ਸ੍ਰੀ ਮਾਰ ਲਿਓ ਸਿਰ ਚ, !
ਅਖੀਰ ਵਿੱਚ ਇਕ ਮੇਹਣਾ ਉਹਨਾਂ ਪੰਜਾਬੀ ਮਾਂਵਾਂ ਨੂੰ ਵੀ ਜਿਨਾਂ ਬੱਚੇ ਨੂੰ ਕੇਲਾ ਮੰਗਣ ਤੇ ਦਬਕਾ ਮਾਰ ਕੇ ਚੁੱਪ ਕਰਾਤਾ ਅਖੇ ਕੇਲਾ ਨਹੀਂ ਇਹ ਬਨਾਨਾ ! ਅਜੇ ਵੀ ਕੁਹ ਨਹੀਂ ਜੋ ਵਿਗੜਿਆ ਸਿਖਾਲ਼ੋ ਇਹਨਾਂ ਨੂੰ ਆਪਣਾ ਵਿਰਸਾ ਮਾਂ ਜੀ , ਬਾਪੂ ਜੀ, ਭੂਆ ਫੁੱਫੜ ਜੀ, ਤਾਈ ਤਾਇਆ ਜੀ, ਚਾਚੀ ਚਾਚਾ ਜੀ, ਮਾਮੀ ਮਾਮਾ ਜੀ, ਮਾਸੀ ਮਾਸੜ ਜੀ ਤੇ ਭੈਣ ਭਾਈਆ ਜੀ ! ਬਥੇਰਾ ਦੀਦੀ ਜੀਜੂ ਅੰਟੀ ਅੰਕਲ ਕਰ ਲਿਆ ! ਹਟਾਲੋ ਉਹਨਾਂ ਦੁਕਾਨਾਂ ਤੋਂ ਨਿਆਣੇ ਜਿੱਥੇ ਪੰਜਾਬੀ ਸਿਰਮੌਰ ਨਹੀਂ ! ਸਿਰ ਦਾ ਤਾਜ ਨਹੀ !
ਮੈਂ ਕਈ ਬੋਲੀਆਂ ਬੋਲ ਲੈਨਾਂ ਵਾਂ ਪਰ ਬੀਬੀ ਨੂੰ ਮੰਮੀ ਕਹਿਣਾ ਨੀ ਸਿੱਖਿਆ ਹਜੇ ਤਾਂਈਂ ! ਹੋਊ ਮਮੀ ਕਿਸੇ ਮਿਸਰ ਦੇ ਪਿਰਾਮੀਡਾ ਦੀ ਸੁੱਕੀ ਸੜੀ ਕਾਢ ! ਸਾਡੀ ਪੰਜਾਬੀ ਮਾਂ ਤੇ ਬੀਬੀ ਏ ਜਿਹੜੀ ਗਾਹਲ ਵੀ ਕੱਢੇ ਘਿਓ ਵਾਂਗੂ ਲਗਦੀ ਆ !
ਪੰਜਾਬੀ ਜ਼ਿੰਦਾਬਾਦ !
ਬਿੱਟੂ ਅਰਪਿੰਦਰ ਸਿੰਘ
ਫਰੈੰਕਫੋਰਟ ਜਰਮਨੀ
00491775304141

ਹੰਸਾ ਟਾਂਗੇ ਵਾਲਾ ਬਨਾਮ ਪੰਥਕ ਜੱਥੇਬੰਦੀਆਂ - ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ

ਹੰਸਾ ਟਾਂਗੇ ਵਾਲਾ ਮੂੰਹ ਦਾ ਬੜਬੋਲਾ ਤੇ ਸੁਭਾਅ ਦਾ ਕੱਬਾ ਸੀ। ਉਹਦੇ ਟਾਂਗੇ ਦਾ ਭਾੜਾ ਅੰਮੋਨੰਗਲ ਨਹਿਰ ਦੇ ਪੁਲ ਤੋਂ ਚੌੰਕ ਮਹਿਤੇ ਦੇ ਅੱਠ ਆਨੇ ਤੇ ਵਟਾਲੇ ਦੇ ਬਾਰਾਂ ਆਨੇ ਪੱਕਾ ਸੀ। ਉਹਦੀ ਘੋੜੀ ਮਾੜੂਈ ਜਿਹੀ ਸੀ ਪਰ ਮੱਸਿਆ ਤੇ ਬਾਬੇ ਬਕਾਲੇ ਜਿਨਾਂ ਪੈਂਡਾ ਕੱਡ ਜਾਂਦੀ ! ਹੰਸਾ ਭੋਰਾ ਕੁ ਲਾਲਚੀ ਵੀ ਸੀ।
ਮੇਰੇ ਦਾਦੇ ਹੋਰੀਂ ਛੇ ਭਰਾ ਸਨ ਤੇ ਸਾਂਝਾ ਚੁਲ਼੍ਹਾ ! ਉਹਨਾਂ ਦੀ ਹੰਸੇ ਨਾਲ ਵਾਹਵਾ ਬਣਦੀ ਸੀ ਹੰਸਾ ਉਹਨਾਂ ਦੇ ਹਰ ਕੰਮ ਆਉਂਦਾ ਤੇ ਉਹ ਵੀ ਉਹਦੀ ਹਰ ਗ਼ਰਜ਼ ਪੂਰੀ ਕਰਦੇ ! ਮੈ ਨਿੱਕਾ ਸਾਂ ਤੇ ਮੈ ਆਪਣੇ ਬਾਪੂਆਂ ਵਾਂਗ ਹੰਸੇ ਨੂੰ ਵੀ ਸਦਾ ਬਾਪੂ ਹੀ ਆਂਹਦਾ ! …ਤੇ ਸ਼ਾਇਦ ਉਹਨੂੰ ਇਹ ਚੰਗਾ ਵੀ ਲਗਦਾ ਸੀ ! ਬਾਕੀ ਸੱਭ ਨਿਆਣੇ ਸਿਆਣੇ ਉਹਦਾ ਨਾਂ ਹੀ ਲੈਂਦੇ ਤੇ ਏਸੇ ਕਰਕੇ ਉਨ ਮੈਨੂੰ ਕਦੇ ਝਿੜਕ ਨਾਂ ਮਾਰੀ ! ਬਾਕੀ ਨਿਆਣਿਆਂ ਤੇ ਸਦਾ ਬੁੜ ਬੁੜ ਕਰਦਾ ਰਹਿੰਦਾ।
ਬਾਪੂ ਹੰਸੇ ਦੀ ਪੱਕੀ ਡਿਊਟੀ ਹਾਨੂੰ ਛੁੱਟੀਆਂ ਚ, (ਜਾਂ ਓਦਾਂ ਵੀ) ਨਾਨਕੇ ਛੱਡਣ ਤੇ ਲਿਆਉਣ ਦੀ ਹੁੰਦੀ। ਉਹ ਇਹ ਕਿਸਬ ਬੜੇ ਚਾਅ ਨਾਲ ਕਰਦਾ ! ਕਾਰਨ ਇਹ ਸੀ ਬਈ ਮੇਰੀ ਰੱਬ ਦੇ ਨਾਂ ਵਾਲੀ ਨਾਨੀ ਉਹਨੂੰ ਪੰਜ ਰੁਪਏ, ਚੂਹੇ ਦੰਦੀ ਖੇਸ ਜਾਂ ਰੇਜਾ ਤੇ ਕੁਹ ਹੋਰ ਨਿੱਕ ਸੁੱਕ ਬੰਨ ਦਿੰਦੀ ! ਲੌਢਾ ਵੇਲਾ ਵੀ ਸ਼ੱਕਰ ਘਿਓ ਨਾਲ ਕਰਾਇਆ ਜਾਂਦਾ ਤੇ ਬੇਜ਼ੁਬਾਨ ਘੋੜੀ ਨੂੰ ਵੀ ਥਾਲ ਛੋਲਿਆਂ ਦਾ ਮਿਲ ਜਾਂਦਾ !
ਹੰਸਾ ਚਿੱਟੀ ਮਾਇਆ ਵਾਲੀ ਪੱਗ ਲੜ ਛੱਡ ਕੇ ਬੰਨਦਾ ਤੇ ਕਰੜ ਬਰੜੀ ਦਾੜੀ ਖੁਰਚ ਕੇ ਮੁੰਨਦਾ ! ਉਹ ਸੱਜੀ ਮੁੱਛ ਨੂੰ ਤਾਅ ਦੇਣ ਤੇ ਜ਼ੋਰ ਰੱਖਦਾ ਤੇ ਖੱਬੀ ਮੁੱਛ ਘੜੀ ਦੀ ਸੂਈ ਆਂਗੂ ਸਦਾ ਪੰਜ ਮਿੰਟ ਪਿੱਛੇ ਈ ਰਹਿੰਦੀ ! ਗਾਲੜੀ ਟਾਂਗੇ ਵਾਲਾ ਪੁਲ ਤੋਂ ਵਟਾਲੇ ਤੱਕ ਗੱਲ ਨਾਂ ਟੁੱਟਣ ਦਿੰਦਾ ! ਉਹ ਉੱਧੜ ਖੁੱਧੜੀਆਂ ਮੁੱਛਾਂ ਥੱਲਿਓ ਖੱਚਰਾ ਜਿਹਾ ਹੱਸ ਕੇ ਹਰੇਕ ਨੂੰ ਗੁੱਝੀ ਟਿੱਚਰ ਤੇ ਟਾਂਚ ਵੀ ਕਰ ਜਾਂਦਾ ! ਪਰ ਸਵਾਰੀਆਂ ਕੋਲ ਤਰੀਫ਼ ਉਹ ਮੇਰੇ ਨਾਨਕਿਆਂ ਦੀ ਈ ਕਰਦਾ ਨੰਗਲੀ ਵਾਲੇ ਰੰਧਾਵੇ ਐਂ ! ਰੰਧਾਵੇ ਔਂ !ਬਈ ਬੜੀ ਸੇਵਾ ਕਰਦੇ ਆਏ ਗਏ ਦੀ ! ਕਿਆ ਬਾਤ ਜੱਟਾ ਦੀ ਵਗੈਰਾ ਵਗੈਰਾ !
ਜਦੋਂ ਬੇਰਿੰਗ ਕਰਿਸਚਿਅਨ ਸਕੂਲ ਦੀ ਵਾਗਨ ਬੇਰਿੰਗ ਕਾਲਜ ਦੇ ਮੁੰਡਿਆਂ ਨੇ ਹੜਤਾਲ ਵੇਲੇ ਅੱਗ ਲਾਕੇ ਫੂਕ ਦਿੱਤੀ। ਬਾਬੇ ਹੰਸੇ ਦੀ ਡਿਉਟੀ ਮੈਨੂੰ ਸਕੂਲ ਛੱਡਣ ਤੇ ਲਿਆਉਣ ਦੀ ਲੱਗ ਗਈ !ਉਹ ਛੁੱਟੀ ਵੇਲੇ ਟਾਂਗਾ ਗੇਟ ਗਾੜੀ ਖੜਾ ਕਰ ਮੇਰੀ ਉਡੀਕ ਕਰਦਾ ! ਬਾਹਮਣਾਂ ਦੇ ਸ਼ਹਿਰੀ ਜਵਾਕ ਮੈਨੂੰ ਪੁੱਛਦੇ ਟਾਂਗੇ ਵਾਲਾ ਬਾਬਾ ਕੌਣ ਆਂ ! ਮੈ ਕਹਿੰਦਾ ਮੇਰਾ ਬਾਪੂ ! ਉਹ ਮੇਰਾ ਮਜ਼ਾਕ ਉਡਾਉਂਦੇ ਤੇ ਕਹਿੰਦੇ ,
“ਅਰੇ ਇਸਕਾ ਬਾਪੂ ਟਾਂਗਾ ਚਲਾਤਾ ਹੈ” !
ਤੇ ਮੈ ਕਹਿੰਦਾ,
“ਸਾਲਿਓ ਤਾਹਡੇ ਬਾਪੂ ਜਹਾਜ਼ ਚਲਾਉਂਦੇ ਆ” !
ਉਹ ਸਾਲਾ ਕਹੇ ਦੀ ਸ਼ਿਕਾਇਤ ਹਿੰਦੀ ਆਲੀ ਮਾਹਟਰ ਆਣੀ ਕੋਲ ਲਾਉਂਦੇ ਤੇ ਦਾਸ ਨੂੰ ਹਲਕੇ ਤਸ਼ਦੱਦ ਦਾ ਸਾਹਮਣਾ ਕਰਨਾ ਪੈਂਦਾਂ !
ਪਿੰਡੋਂ ਬਾਹਰ ਵਾਰ ਢਾਬ ਕੰਢੇ ਪਿੱਪਲ਼ ਵਾਲੇ ਥੱੜੇ ਤੇ ਵੇਹਲੜਾਂ ਦੀ ਮਹਿਫ਼ਲ ਸਵੇਰੇ ਈ ਲੱਗ ਜਾਂਦੀ ! ਜਿਨਾਂ ਚ, ਬਾਹਲੇ ਜ਼ਰਦੇ ਬੀੜੀ ਵਾਲੇ ਅਮਲੀ ਹੁੰਦੇ ! ਹੰਸਾ ਵੀ ਟਾਂਗਾ ਸਜਾ ਕੇ ਢਾਬ ਕੰਢੇ ਪੱਕੀ ਸੜਕ ਤੇ ਆ ਖਲੋਂਦਾ ! ਜਿਦਾਂ ਦੱਸਿਆ ਬਈ ਹੰਸਾ ਲਾਲਚੀ ਵੀ ਸੀ ਉਹ ਪਿੰਡੋਂ ਤੁਰਨ ਲਗਾ ਸਵਾਰੀਆਂ ਜ਼ਿਆਦਾ ਚੜਾ ਲੈਂਦਾ ! ਜਦੋਂ ਟਾਂਗਾ ਉਲਾਰੂ ਹੋਣ ਲਗਦਾ ! ਤਾਂ ਹੰਸਾ ਉੱਚੀ ਦੇਣੀ ਵਾਜ ਮਾਰਦਾ, “ਓਏ ਨੰਤੂ ਆ ਤੈਨੂੰ ਸਹਿਰੋਂ ਚਾਹ ਪਿਆ ਲਿਆਵਾਂ, ਆ ਬਹਿ-ਜਾ ਗਾੜੀ ! ਨਤੂੰ ਅਮਲੀ ਚਾਹ ਦੇ ਲਾਲਚ ਨੂੰ ਝੱਟ ਛਾਲ ਮਾਰ ਕਿ ਗਾੜੀ ਬਹਿ ਜਾਂਦਾ ! ਨਤੂੰ ਅਮਲੀਆਂ ਦਾ ਕਮਾਂਡਰ ਸੀ ਤੇ ਸਾਲ ਛਿਮਾਹੀਂ ਮਸਾਂ ਔਖਾ ਸੌਖਾ ਨਹਾਉਂਦਾ ਸੀ ! ਚਾਰ ਕਰਮਾ ਤੋਂ ਦੂਰੋਂ ਈ ਸੜਿਆਂਦ ਆਉਂਦੀ ! ਪਰ ਹੰਸਾ ਟਾਂਗੇ ਦੇ ਨਗ ਪੂਰੇ ਕਰਨ ਲਈ ਉਹਨੂੰ ਚਾੜ ਲੈਂਦਾ ਤੇ ਛਾਂਟਾ ਮਾਰ ਘੋੜੀ ਵਟਾਲੇ ਦੇ ਰਾਹ ਪਾ ਲੈਂਦਾ ! ਬੀਬੀਆਂ ਮੂੰਹ ਗਾੜੀ ਚੁੰਨੀਆਂ ਦੇ ਪੱਲੇ ਲੈ ਹੰਸੇ ਨੂੰ ਕੋਸਦੀਆਂ ਸ਼ਹਿਰ ਆਉਣ ਦਾ ਇੰਤਜ਼ਾਰ ਕਰਦੀਆਂ !
ਹੁਣ ਜਦੋਂ ਮੈ ਛੋਟੇ ਮੋਟੇ ਪੰਥਕਾਂ ਧੱੜਿਆਂ, ਦਲਾਂ, ਗੁਰੂ ਘਰਾਂ ਦੀਆਂ ਕਮੇਟੀਆਂ ਜਾਂ ਹੋਰ ਛੋਟੇ ਮੋਟੇ ਨਿੱਕੜ ਸੁੱਕੜ ਟੁਕੜੇ ਟੁਕੜੇ ਗੈਂਗਾਂ ਨੂੰ ਵੇਹਨਾਂ ਵਾਂ, ਤਾਂ ਝੱਟ ਧਿਆਨ ਹੰਸੇ ਟਾਂਗੇ ਵਾਲੇ ਤੇ ਨੰਤੂ ਅਮਲੀ ਵੱਲ ਚਲਾ ਜਾਂਦਾ ! ਕਿੱਦਾਂ ਆਪਾਂ ਦੇਸ਼ ਤੇ ਵਿਦੇਸ਼ ਵਿੱਚ ਆਪਣੇ ਧੜੇ ਕਮੇਟੀ ਦਾ ਨਗ ਪੂਰਾ ਕਰਨ ਲਈ ਹਰ ਬੋ ਮਾਰਦੇ ਕਿਰਦਾਰ ਨੂੰ ਨਾਲ ਲੈ ਲੈਂਦੇ ਆਂ ! ਆਪਾਂ ਖਾਨਾ ਪੂਰਤੀ ਲਈ ਹਰ ਸੜੇਹਾਂਦ ਮਾਰਦੇ ਸਰੀਰ ਨੂੰ ਨਾਲ ਜੋੜ ਆਪਣੇ ਟਾਂਗੇ ਦੀਆਂ ਸਵਾਰੀਆਂ ਪੂਰੀਆਂ ਕਰ ਲੈਂਦੇ ਆਂ ! ਇਹਨਾਂ ਰਹਿਣੀ ਬਹਿਣੀ ਤੇ ਰਹਿਤ ਮਰਿਆਦਾ ਤੋ ਹੀਣੇ ਲੋਕਾਂ ਕਰਕੇ ਕੌਮ ਦੀ ਬੇੜੀ ਕਿਸੇ ਤਣ ਪੱਤਣ ਨਹੀਂ ਲੱਗ ਰਹੀ ! ਇਹੋ ਮੈਲੇ ਜਿਹੇ ਲੋਕ ਗੁਰੂ ਘਰਾਂ ਚ, ਪਾਵਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇੰਟ ਕਰ ਰਹੇ ਹੁੰਦੇ ਆ ! ਇਹਨਾਂ ਲੋਕਾਂ ਦੇ ਮੂੰਹੋਂ ਸ਼ਬਦ ਸੁਣ ਕੇ ਇੰਓ ਲਗਦਾ, ਜਿਦਾਂ ਸਨੀ ਲਿਓਨ ਕਹਿ ਰਹੀ ਹੋਵੇ ਭੈਣੋ ਸਿਰ ਢੱਕ ਕੇ ਰੱਖਿਆਂ ਕਰੋ !
ਹਿੰਦੁਸਤਾਨ ਵਿੱਚ ਬਲਾਤਕਾਰੀਆਂ ਨੂੰ ਹਾਰ ਪਾ ਕੇ ਪਾਰਟੀਆਂ ਚ, ਸ਼ਾਮਲ ਕੀਤਾ ਜਾਂਦਾ ਬਈ ਮਹਾਂਪੁਰਖੋ ਆਓ ਆਪਣੀਆਂ ਸੇਵਾਵਾਂ ਹਾਢੀ ਪਾਰਟੀ ਰਾਹੀਂ ਵਧਾਓ ਫੁਲਾਓ ! ਸੱਭ ਥਾਂਈਂ ਚੋਰ ਉਚੱਕੇ ਚੌਧਰੀ ਤੇ ਲੁੱਚੇ ਗੁੰਡੇ ਪ੍ਰਧਾਨ !ਇਹੋ ਹਾਲ ਵਿਦੇਸ਼ਾਂ ਵਿਚਲੇ ਵੱਖ ਵੱਖ ਧੜਿਆਂ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਦਾ ਬਿਰਤੀ ਹੰਸੇ ਟਾਂਗੇ ਵਾਲੇ ਆਲ਼ੀ !
ਬਾਬਾ ਹੰਸੇ ਟਾਂਗੇ ਵਾਲੇ ਦੀ ਆਤਮਾ ਨੂੰ ਸ਼ਾਂਤੀ ਦਵੇ ਜਿਨ ਇਹ ਨੁਸਖ਼ਾ ਮੇਰੀ ਕੌਮ ਦੇ ਲੰਬੜਦਾਰਾਂ ਦੇ ਸਪੁਰਦ ਕੀਤਾ !
ਬਿੱਟੂ ਅਰਪਿੰਦਰ ਸਿੰਘ ਸੇਖ਼ੋ ਫਰੈੰਕਫੋਰਟ ਜਰਮਨੀ !

ਕਰਾਮਾਤ ਕਰਾਮਾਤ - ਬਿੱਟੂ ਅਰਪਿੰਦਰ ਸਿੰਘ ਸੇਖੋਂ ਫਰੈੰਕਫੋਰਟ ਜਰਮਨ

ਲਾਹੌਰ ਚੂਨਾ ਮੰਡੀ ਵਿਖੇ 1534 ਨੂੰ ਪਿਤਾ ਹਰਿਦਾਸ ਅਤੇ ਮਾਤਾ ਦਇਆ ਜੀ ਦੀ ਕੁੱਖੋਂ ਅਕਾਲ ਰੂਪੀ ਚੌਥੇ ਪਾਤਸ਼ਾਹ ਜੀ ਪ੍ਰਗਟ ਹੋਏ । ਇਹ ਸ੍ਰੇਸ਼ਟ ਦੇ ਕਰਤੇ ਦੀ ਕੋਈ ਕਰਾਮਾਤ ਸੀ । ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥ ਪਲੇਠੇ ਹੋਣ ਕਾਰਨ ਨਾਮ ਰੱਖਿਆ ਜੇਠਾ ! ਸੱਤ ਸਾਲ ਦੀ ਉਮਰ ਵਿੱਚ ਮਾਤਾ ਪਿਤਾ ਚਲਾਣਾ ਕਰ ਗਏ ! ਸੱਚੇ ਸਤਿਗੁਰ ਦਾ ਪਾਲਣ ਪੋਸ਼ਣ ਨਾਨੀ ਜੀ ਨੇ ਕੀਤਾ ! ਬਚਪਨ ਵਿੱਚ ਸੁੱਚੀ ਕਿਰਤ ਕਰਨ ਹਿੱਤ ਨਾਨੀ ਨੇ ਘੁੰਗਣੀਆਂ ਵੇਚਣ ਘੱਲ ਦੇਣਾ ! ਕੌਣ ਜਾਣੇ ਧਰਤੀ ਤੇ ਸੱਚ-ਖੰਡ ਦਾ ਸਿਰਜਣ ਹਾਰਾ ਇਹ ਬਾਲਕ ਅਕਾਲ ਰੂਪੀ ਪਰ-ਉਪਕਾਰੀ ਏ ! ਇਸ ਦੇ ਕੋਮਲ ਹੱਥਾਂ ਨਾਲ ਛੋਹੀਆਂ ਘੁੰਗਣੀਆਂ ਤਾਂ ਜਨਮ ਜਨਮਾਂਤਰਾਂ ਦੇ ਦੁੱਖ ਕੱਟਣ ਵਾਲ਼ੀਆਂ ਨੇ ! ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਭਾਈ ਜੇਠਾ ਜੀ ਦੀ ਨਿਮਰਤਾ, ਸੇਵਾ, ਸ਼ਰਧਾ ਤੇ ਪ੍ਰੇਮ ਭਾਵਾਨਾ ਤੇ ਏਨਾ ਤੁੱਠੇ ਕਿ ਆਪਣੀ ਪੁੱਤਰੀ ਬੀਬੀ ਭਾਨੀ ਜੀ ਦਾ ਵਰ ਉਹਨਾਂ ਨੂੰ ਚੁਣ ਲਿਆ ਤੇ ਚੌਥੇ ਗੁਰੂ ਪਾਤਸ਼ਾਹ ਬਣਾ ਦਿੱਤਾ ! ਨਾਮ ਰੱਖਿਆਂ ਗੁਰੂ ਰਾਮਦਾਸ ਜੀ ! ਹੁਣ ਘੂੰਗਣੀਆਂ ਵੇਚਣ ਵਾਲੇ ਬਾਲਕ ਗੁਰੂ ਰਾਮਦਾਸ ਜੀ ਗੁਰੂ ਨਾਨਕ ਪਾਤਸ਼ਾਹ ਹੀ ਦੀ ਚੌਥੀ ਜੋਤ ਨੇ ਤੇ ਇਕ ਨਵੇਂ ਨਗਰ ਦਾ ਨਿਰਮਾਣ ਕਰਨ ਜਾ ਰਹੇ ਨੇ ! ਚੱਕ ਰਾਮਦਾਸ ਪੁਰ ਵਿਖੇ ਸਤਿਗੁਰਾਂ ਅੰਮ੍ਰਿਤ ਸਰੋਵਰ ਦਾ ਟੱਕ ਲਾ ਸ੍ਰੀ ਅੰਮ੍ਰਿਤਸਰ ਸਾਹਿਬ ਨੀਂਹ ਪੱਥਰ ਰੱਖ ਦਿੱਤਾ ਏ ! ਉਹ ਥਾਨ ਸੁਹਾਵਾ ਜਿੱਥੇ ਧਰਤੀ ਤੇ ਸ਼ਾਖਸਾਤ ਸੱਚ-ਖੰਡ ਬਣਨ ਜਾ ਰਿਹਾ ਏ ! ਜਿੱਥੇ ਕੁਲ ਲੋਕਾਈ ਦੇ ਰਾਜੇ ਰਾਣਿਆਂ ਨੇ ਸਿਜਦੇ ਕਰਣ ਆਵਣਾ ਤੇ ਨਿਹਾਲੋ ਨਿਹਾਲ ਹੋਵਣਾ ਏ ! ਕਰਾਮਾਤ ! ਪੰਜਵੇਂ ਜੋਤੀ ਸਰੂਪ ਹਰਿਮੰਦਰ ਸਾਹਿਬ ਦੀ ਸਾਜਣਾ ਕਰਨੀ ਏ ਚਹੁੰ ਵਰਣਾਂ ਲਈ ਇਕ ਸਾਂਝਾ ਸਥੱਲ ਬਣਾਉਣਾ ਜਿੱਥੇ ਹਰਿ ਦੇ ਗੁਣਾ ਦਾ ਗਾਇਣ ਤੇ ਸਰਬ ਸਾਂਝੇ ਗ੍ਰੰਥ ਦਾ ਪ੍ਰਕਾਸ਼ ਹੋਣਾ ਏ ! ਪੋਥੀ ਪਰਮੇਸਰ ਕਾ ਥਾਨੁ ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥੧॥ ਕਰਾਮਾਤ ! ਗੁਰੂ ਨਾਨਕ ਪਾਤਸ਼ਾਹ ਜੀ ਨੇ ਤੀਜੇ ਸਰੂਪ ਵਿੱਚ ਗੋਇੰਦਵਾਲ ਵਿਖੇ ਬੀਬੀ ਭਾਨੀ ਜੀ ਦਾ ਪੱਲਾ ਗੁਰੂ ਰਾਮਦਾਸ ਜੀ ਨੂੰ ਐਸਾ ਫੜਾਇਆ ਕਿ ਜਿਨ ਹਿੰਦੁਸਤਾਨ ਦੀ ਕਾਇਆ ਕਲਪ ਦਿੱਤੀ ! ਤੀਜੇ ਪਾਤਸ਼ਾਹ ਜੀ, ਬੀਬੀ ਭਾਨੀ ਜੀ ਤੇ ਗੁਰੂ ਰਾਮਦਾਸ ਜੀ ਦੇ ਲਹੂ ਦੀ ਲੋਅ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਅਕਾਲ ਤੱਖਤ ਸਾਹਿਬ ਵਾਇਆ ਮੀਰੀ ਪੀਰੀ, ਸ੍ਰੀ ਅਨੰਦਪੁਰ ਸਾਹਿਬ, ਤੇ ਚਾਂਦਨੀ ਚੌੰਕ ਤੋ ਹੁੰਦੀ ਹੋਈ ਸਰਹੰਦ ਤੱਕ ਗਈ ! ਜਿਨ ਸਦੀਆਂ ਤੋ ਗੁਲਾਮ ਮਨੁੱਖਤਾ ਦੇ ਸੰਗਲ਼ ਤੋੜ ਘੱਤੇ ! ਕਰਾਮਾਤ ਕਰਾਮਾਤ ਕਰਾਮਾਤ ! ਲਿਖਣ ਨੂੰ ਅਨੰਤ ਬੇਅੰਤ ਲਿਖਿਆ ਜਾ ਸਕਦਾ ਧੰਨ ਗੁਰੂ ਰਾਮਦਾਸ ਜੀ ਦੇ ਉਪਕਾਰਾਂ ਨੂੰ ! ਕੋਈ ਕਲਮ ਈ ਨੀ ਬਣੀ ਜੋ ਉਸਤੱਤ ਲਿੱਖ ਸਕੇ ! ਬੱਸ ਨਿਮਾਣੇ ਸਿਜਦੇ ਈ ਕੀਤੇ ਸਕਦੇ ਸਿਰਫ ਸਿਜਦੇ ! ਹੁਣ ਅਜੋਕੀ ਹਿੰਦੁਸਤਾਨ ਦੀ ਹਕੂਮਤ ਨੂੰ ਇਕ ਸਵਾਲ ਕਰਦਾਂ ਜਾਵਾਂ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀ ਗੁਰੂ ਰਾਮਦਾਸ ਜੀ ਪਾਤਸ਼ਾਹ ਜਿਨਾਂ ਦੀਆਂ ਕੁੱਲਾਂ ਨੇ ਤਿਲਕ ਜੰਝੂ ਦੀ ਰਾਖੀ ਕੀਤੀ ਹੋਵੇ , ਮਸੂਮਾਂ ਨੇ ਸਰਹੰਦ ਚ, ਲਹੂ ਡੋਲ ਹਿੰਦੁਸਤਾਨ ਦੀ ਸਦੀਆਂ ਪੁਰਾਣੀ ਗੁਲਾਮੀ ਤੋੜੀ ਹੋਵੇ ! ਤੁੰਹੀ ਆਏ ਦਿਨ ਉਹਨਾਂ ਨੂੰ ਟਿੱਚਰਾਂ ਕਰ ਅਕਿਰਤਘਣਤਾ ਦਾ ਨੰਗਾ ਨਾਚ ਨੱਚ ਰਹੇ ਹੋ ! ਜੋ ਤਾਹਡੇ ਹੀ ਵੇਦਾਂ ਮੁਤਾਬਕ ਅੱਤ ਦੇ ਅੰਤ ਦਾ ਕਾਰਣ ਬਣਦਾ ਏ ! ਜਿਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਮਿੱਟੀ ਲੋਕ ਮਸਤਕ ਨੂੰ ਲਾਉਣਾ ਧੰਨ ਭਾਗ ਸਮਝਦੇ ਹੋਣ ! ਤੁੰਹੀ ਉਸ ਘਰ ਚੋ, ਮਿਲੀ ਦਾਤ ਨੂੰ ਨਿਲਾਮ ਕਰਨ ਲੱਗੇ ਹੋ ਬਦਬਖ਼ਤੋ ! ਉਹ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਨਹੀਂ ! ਓਥੋਂ ਮਿਲੀ ਗੁਰੂ ਬਖ਼ਸ਼ਿਸ਼ ਏ ! ਉਹਦਾ ਕੋਈ ਮੁੱਲ ਨਹੀਂ ! ਕਿੰਨਾ ਕੁ ਹਿੰਦੁਸਤਾਨ ਕੁਰਕ ਹੋ ਗਿਆ ਜੋ ਗੁਰੂ ਬਖ਼ਸ਼ਿਸ਼ ਨਿਲਾਮ ਕਰਨ ਦੀ ਨੌਬਤ ਆ ਗਈ ! ਯਕੀਨ ਕਰਿਓ ਇਹ ਬੁਰੇ ਸਮੇਂ ਦੇ ਸੰਕੇਤ ਨੇ ਜੋ ਗੁਰੂ ਬਖ਼ਸ਼ਿਸ਼ਾਂ ਘਰੋਂ ਕੱਢ ਰਹੇ ਜੇ ! ਪਰ ਰੋਈਏ ਕਿਹਨੂੰ ਕਸੂਰ ਤੇ ਮਸੰਦਾ ਦਾ ਜਿਹੜੇ ਬੰਦਾ ਕੁ ਬੰਦਾ ਨੀ ਵੇੰਹਦੇ ਸਿਰੋਪਾ ਪਾਉਣ ਲੱਗੇ ! ਗੁਰੂ ਰਾਮਦਾਸ ਜੀ ਸਾਨੂੰ ਮੁਆਫ਼ ਕਰਿਓ ! ਆਪ ਜੀ ਦੇ ਆਗਮਨ ਪੁਰਬ ਤੇ ਸਿਜਦੇ ਕਬੂਲ ਕਰੋ ! ਆਪ ਜੀ ਦੇ ਤੱਖਤਾਂ ਤੇ ਬਿਰਾਜਮਾਨ ਪ੍ਰਾਣੀ ਜਨਾਂ ਨੂੰ ਅਕਲ ਦਾਨ ਦਿਓ ! ਤੇ ਕੌਮ ਨੂੰ ਕੌਮੀ ਘਰ ਦੀ ਬਖ਼ਸ਼ਿਸ਼ ਕਰੋ ਜਿੱਥੋਂ ਲੋਕਾਈ ਦੇ ਭਲੇ ਦੇ ਸ਼ੁਭ ਕਾਰਜ ਕਰ ਸਕੀਏ ਜੀ ! ਹੋਈਆ ਭੁੱਲਾਂ ਚੁੱਕਾਂ ਦੀ ਖਿਮਾਂ ਜੀ ! Bittu Arpinder Singh Frankfurt Germany

ਸਿਧ ਗੋਸਟਿ - ਬਿੱਟੂ ਅਰਪਿੰਦਰ ਸਿੰਘ ਸੇਖੋਂ ਫਰੈੰਕਫੋਰਟ ਜਰਮਨ

ਵੱਡੇ ਬਾਬੇ ਨਾਨਕ ਪਾਤਸ਼ਾਹ ਜੀ ਨੇ ਆਖਿਆ “ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥ਪਰ ਮਜ਼ਾਲ ਕੁਹ ਸੁਣ ਲਈਏ ! ਬੱਸ ਕਹੀ ਜਾਨੇਂ ਆਂ ! ਇਹ ਸੁਣਨ ਤੋ ਬਗੈਰ ਕਹੀ ਜਾਣਾ ਈ ਸਾਰੇ ਪਵਾੜੇ ਦੀ ਜੜ ਏ ! ਕੋਈ ਸੁਣਨ ਨੂੰ ਤਿਆਰ ਈ ਨਹੀਂ ! ਕੌਮ ਦੀ ਹਾਲਤ ਸੀਆ ਸੁੰਨੀਆਂ ਵਾਲੀ ਹੋਈ ਪਈ ਆ !
ਹਰ ਇਕ ਦੂਜੇ ਨਾਲ਼ੋਂ ਵੱਧ ਸਿਆਣਾ ਦਰਸਾਉਂਣ ਦੀ ਜਿੱਦ ਚ, ਪੰਥ ਦੇ ਵੇਹੜੇ ਕੰਡੇ ਖਲਾਰ ਰਿਹਾ ਏ ! ਆਪੇ ਬਣੇ ਵਿਦਵਾਨਾਂ ਨੇ ਮਸਲਿਆਂ ਚੋ, ਮਸਲੇ ਪਰੋਸ ਕੇ ਰੱਖ ਦਿੱਤੇ ਨੇ ਤੇ ਹੱਲ ਇਕ ਦਾ ਵੀ ਨਹੀਂ ਕੱਢ ਸਕੇ ! ਪੜੇ ਲਿਖੇ ਖੋਜਾਰਥੀਆਂ ਦੀ ਕੋਈ ਸਲਾਹ ਲੈਣ ਨੂੰ ਤਿਆਰ ਨਹੀਂ ਤੇ ਆਪੇ ਬਣੇ ਪ੍ਰੋਫੈਸਰ ਮੈਨੂੰ ਜ਼ਿਆਦਾ ਪਤਾ ਦੇ ਵਹਿਮ ਚ, ਵਿਦਵਤਾ ਝਾੜ ਰਹੇ ਨੇ !
ਕੋਈ ਸਿਰ ਜੋੜ ਕੇ ਬਹਿਣ ਨੂੰ ਤਿਆਰ ਨਹੀਂ , ਕਿਸੇ ਸਕਾਲਰ ਦੀ ਸਲਾਹ ਇਹਨਾਂ ਨੂੰ ਵੇਹੁ ਵਿਖਾਲ਼ੀ ਦਿੰਦੀ ਆ ! ਜੇ ਕੋਈ ਇਹ ਕਹੇ ਬਈ ਕਈ ਵਿਸ਼ੇ ਸਮਾਂ ਮੰਗਦੇ ਨੇ ਕੋਈ ਦੋ ਚਾਰ ਮਹੀਨੇ ਸਾਲਾਂ ਚ, ਫ਼ੈਸਲੇ ਨਿਤਾਰੇ ਨਹੀਂ ਹੁੰਦੇ ! ਵਾਜ਼ਬ ਸਮੇਂ ਦੇ ਲਈ ਇਸ ਵਿਸ਼ੇ ਨੂੰ ਸੰਤੋਖ ਕੇ ਰੱਖ ਦਈਏ ਹੋਰ ਬੜੇ ਜ਼ਰੂਰੀ ਮੁੱਦੇ ਨੇ ਉਹਨਾਂ ਤੇ ਗੋਸਿਟ ਕਰ ਲਈਏ ! ਪਰ ਨਾਂ ਸੱਤ ਕਵਿੰਜਾ ਤੇ ਵਿੱਚ ਉਹ ਪਾਉਣੀ ਜਿਹਦਾ ਹੱਲ ਈ ਕੋਈ ਨਾਂ ਹੋਵੇ ! ਭਾਵ ਟਿੰਡ ਚ, ਕਾਨਾ ਪਾ ਕੇ ਰੱਖਣਾ ਬਈ ਕੌਮ ਦੀ ਊਰਜਾ ਨਸ਼ਟ ਕਿੱਦਾਂ ਕਰਨੀ ! ਜਿਸ ਚੜਦੀ ਕਲਾ ਦੇ ਕੰਮ ਅਉਣਾ ਸੀ !
ਸੂਝਵਾਨ ਕੌਮਾਂ ਦੇ ਲੋਕ ਗੁੰਝਲਦਾਰ ਮਸਲਿਆਂ ਤੇ ਸਿਆਣਪਾਂ ਤੋਂ ਕੰਮ ਲੈ ਤਰੱਕੀਆਂ ਤੇ ਚੜਦੀਆਂ ਕਲਾਵਾਂ ਬਾਰੇ ਧਿਆਨ ਕੇਂਦਰਿਤ ਕਰਦੇ ਹਨ ! ਉਹ ਯਹੂਦੀਆਂ ਵਾਂਗ ਦਰਜਨਾਂ ਨੋਬਲ ਪ੍ਰਾਈਜ਼ ਜਿੱਤ ਕੇ ਵੀ ਕਿਸੇ ਪੈਗ਼ੰਬਰ ਤੇ ਕਦੇ ਸ਼ੰਕਾ ਕਰ ਬਹਿਸ ਨੀ ਕਰਦੇ ਕਿ ਭਲਾ ਇਬਰਾਹਿਮ ਦੇ ਸੋਟੀ ਮਾਰਿਆਂ ਵੀ ਸਮੁੰਦਰ ਰਸਤਾ ਦੇ ਸਕਦਾ !
ਦੁਨੀਆ ਤੇ ਰਾਜ ਕਰ ਚੁੱਕੀ ਤੇ ਹੁਣ ਵੀ ਧਾਂਕ ਬਣਾਈ ਬੈਠੀ ਦੀ ਅਗਾਂਹ ਵਧੂ ਇਸਾਈ ਕੌਮ ! ਕੋਈ ਦੱਸ ਸਕਦਾ ਕਿ ਧਾਰਮਿਕ ਵਿਸ਼ਿਆਂ ਤੇ ਨਿੱਤ ਗਾਲੀ ਬਲੋਚ ਕਰਦੇ ਕਿਸੇ ਵੇਖੇ ਹੋਣ ! ਕਦੇ ਇਸਾਈਆਂ ਦੇ ਨਿਆਣਿਆਂ ਨੇ ਸਵਾਲ ਕੀਤਾ ਕਿ ਕਵਾਰੀ ਮਰੀਅਮ ਨੇ ਕਿੰਝ ਈਸਾ ਜੀ ਨੂੰ ਜਨਮ ਦੇ ਦਿੱਤਾ ! ਕਿੰਝ ਉਹ ਤਸ਼ਦੱਦ ਨਾਲ ਲਹੂ ਲੁਹਾਨ ਹੋ ਕੇ ਮਰਣ ਉਪਰੰਤ ਵੱਡੇ ਪੱਥਰ ਹੇਠੋਂ ਨਿਕਲ ਕੇ ਤੁਰ ਪਿਆ ! ਨਹੀਂ ਇਸਾਈਅਤ ਨੂੰ ਮੰਨਣ ਵਾਲੇ ਸੱਭ ਸੱਤ ਕਰਕੇ ਮੰਨਦੇ ਨੇ ! ਹੋਣਗੇ ਕੁਹ ਨਾਸਤਿਕ ਸ਼ੰਕਾ ਕਰਣ ਵਾਲੇ ਸਾਰੇ ਪਾਸੇ ਹੁੰਦੇ ਹਨ !
ਇਕ ਸਾਡੇ ਵਾਲੇ ਨੇ ਹਰ ਚੀਜ਼ ਤੇ ਤਰਕ ਹਰ ਚੀਜ਼ ਤੇ ਕਟਾਖਸ਼ ਕੀ ਬਾਣੀ, ਬਾਣਾ, ਰਹਿਤਨਾਮੇ, ਧਾਰਮਿਕ ਗ੍ਰੰਥ, ਮਰਿਆਦਾ, ਸਰੋਵਰ, ਬੇਰੀਆਂ, ਅੰਮ੍ਰਿਤ, ਇਤਿਹਾਸਿਕ ਸਰੋਤ ਵਗੈਰਾ ਵਗੈਰਾ ! ਹੋਰ ਤੇ ਛੱਡੋ ਸਹੀਦਾਂ ਤੇ ਸ਼ਹਾਦਤਾਂ ਉੱਪਰ ਵੀ ਤਰਕ ! ਅਖੇ ਬਾਬਾ ਦੀਪ ਸਿੰਘ ਜੀ ਵੱਡੇ ਸੀਸ ਨਾਲ ਕਿੱਦਾਂ ਲੜ ਸਕਦੇ ! ਸਾਡੇ ਨਿਆਣੇ ਕੱਲ ਨੂੰ ਸਵਾਲ ਕਰਨਗੇ ! ਆਪਣੇ ਮਨ ਚੋਂ ਤਰਕ ਤੇ ਸ਼ੰਕਾ ਨਿਕਲਿਆ ਨਹੀਂ ਬਹਾਨਾ ਨਿਆਣਿਆਂ ਦਾ ! ਭਾਈ ਪਹਿਲਾਂ ਨਿਆਣਿਆਂ ਨੂੰ ਨਲ਼ੀ ਪੂੰਜਣੀ ਸਿਖਾਦੋ ਬਾਕੀ ਗਲਾਂ ਉਹਨਾਂ ਆਪੇ ਸਿੱਖ ਜਾਣੀਆਂ ! ਜਦੋਂ ਇਸਾਈਆਂ ਦੇ ਨਿਆਣਿਆਂ ਵਾਂਗੂੰ ਪੜ ਲਿੱਖ ਗਏ ! ਸੰਤ ਡੇਨਿਸ ਦਾ ਬੜਾ ਮਸ਼ਹੂਰ ਚਰਚ ਹੈ ਫਰਾਂਸ ਵਿੱਚ ਜਦੋਂ ਸੰਤ ਡੇਨਿਸ ਆਪਣਾ ਕੱਟਿਆਂ ਸਿਰ ਫੜ ਤੁਰ ਪਿਆ ਤੇ ਦੋ ਮੀਲ ਦੂਰ ਆਪਣੇ ਪਰਲੋਕ ਗਮਨ ਵਾਲੀ ਥਾਂ ਚੁਣ ਲਈ ! ਚਰਚ ਵੀ ਓੱਥੇ ਲੋਕ ਵੀ ਜਾਂਦੇ ਕੋਈ ਇਸਾਈ ਸਿੰਗ ਨੀ ਫਸਾਉਂਦਾ ! ਬਾਈਬਲ ਭਰੀ ਪਈ ਕਰਾਮਾਤਾਂ ਨਾਲ ! ਤੇ ਸਾਡੇ ਆਲੇ ਸਾਢੇ ਪੰਜ ਛੇ ਸੌ ਸਾਲ ਪੁਰਾਣੇ ਆਧੁਨਿਕ ਧਰਮ ਤੇ ਆਏ ਦਿਨ ਨਵਾਂ ਪ੍ਰਸ਼ਨ ਚਿੰਨ ਲਈ ਰੱਖਦੇ ਆ ! ਭਾਈ ਬਾਬੇ ਦੀਪ ਜੀ ਵਾਲੀ ਅਵੱਸਥਾ ਹਾਸਿਲ ਕਰਲੋ ਫੇ ਗੱਲ ਕਰਿਓ ! ਜਿਹੜੀ ਬਿਰਧ ਅਵੱਸਥਾ ਚ, ਬਜ਼ੁਰਗ ਭੁੰਜਿਓ ਤੀਲਾ ਨੀ ਚੁੱਕ ਸਕਦੇ ਸਵਾ ਸੇਰ ਦਾ ਖੰਡਾ ਚੁੱਕਣਾ ਵੀ ਕਿਹੇ ਕਰਾਮਾਤ ਤੋਂ ਘੱਟ ਨਹੀਂ !
ਏਨੇ ਮਾਡਰਨ ਵੀ ਨਾ ਬਣ ਜਾਈਏ ਕਿ ਧਾਰਮਿਕਤਾ ਦੀ ਥਾਂ ਨਾਸਤਿਕਤਾ ਲੈ ਲਏ ! ਭਲਿਓ ਜਿੱਦਣ ਅਰਦਾਸ ਤੇ ਸ਼ੱਕ ਕਰ ਲਿਆ ਓਦਣ ਕਰੋਗੇ ਕੀ ? ਬੱਚਿਆਂ ਨੂੰ ਦੱਸੋ ਕਿ ਤਾਹਡੇ ਪੁਰਵਜਾਂ ਅਰਦਾਸ ਕੀਤੀ ਤੇ ਚੜੇ ਹੋਏ ਅਟੱਕ ਦਰਿਆ ਚ, ਘੋੜੇ ਠੱਲ ਦਿੱਤੇ ਤੇ ਜਦੋਂ ਪਾਰ ਲੱਗੇ ਵੱਡਿਆਈ ਆਪਣੀ ਹਿੰਮਤ ਦਲੇਰੀ ਦੀ ਨਹੀਂ ਕੀਤੀ ਆਖ ਦਿੱਤਾ ਅਰਦਾਸ ਕੀਤੀ ਤੇ ਸਮਰੱਥ ਗੁਰੂ ਨੇ ਅਟਕ ਠੱਲ ਦਿੱਤਾ ! ਇਹ ਹੈ ਸਿੱਖ ਦੀ ਦੂਰ ਅੰਦੇਸ਼ੀ ਨਾਂ ਹਾਉਮੈ ਨੇੜੇ ਫਟਕੇ ਤੇ ਕਰੈਡਿਟ ਅਕਾਲ ਪੁਰਖ ਨੂੰ ! ਸਿੱਖ ਹਰ ਮੈਦਾਨ ਫ਼ਤਿਹ ਕਰਕੇ ਵੀ ਵਾਹਿਗੁਰੂ ਜੀ ਕੀ ਫ਼ਤਿਹ ਕਹਿ ਜਿੱਤ ਗੁਰੂ ਪਾਲੇ ਪਾ ਦਿੰਦਾ ! ਤੇ ਜੇ ਕੋਈ ਕਹਿ ਦੇ ਭਲਿਆ ਤੇਗ ਤੂੰ ਖੜਕਾਈ ਫੱਟ ਤੂੰ ਖਾਧੇ ਤੇ ਫ਼ਤਿਹ ਗੁਰੂ ਦੀ ਕਿੱਦਾਂ ਇਹਨੂੰ ਬੇਤੁਕਾ ਤਰਕ ਤੇ ਸ਼ੰਕਾ ਕਹਿੰਦੇ ਨੇ ।
ਧਰਮ ਦੀ ਨੀਂਹ ਸ਼ਰਧਾ ਤੇ ਟਿਕੀ ਹੁੰਦੀ ਆ ! ਸ਼ੰਕਾ ਆਇਆ ਨੀ ਤੇ ਵਿਸ਼ਵਾਸ ਹਿੱਲਿਆ ਨਹੀਂ ! ਫੇ ਤੇ ਲੋਕ ਪਿਓ ਤੇ ਵੀ ਸ਼ੱਕ ਕਰਨ ਲੱਗ ਪੈਂਦੇ ! ਸੱਭ ਧਰਮਾਂ ਚ, ਅਜਿਹਾ ਕੁਹ ਨਾਲ ਨਾਲ ਚੱਲਦਾ ਰਹਿੰਦਾ ਏ ! ਪਰ ਸੂਝਵਾਨ ਲੋਕ ਗੁਣਾ ਦਾ ਪ੍ਰਚਾਰ ਪਸਾਰ ਕਰਦੇ ਉਹਨਾਂ ਵਿਸ਼ਿਆਂ ਦੇ ਫ਼ੈਸਲੇ ਸਦੀਆਂ ਤੇ ਪਾ ਭਵਿੱਖ ਨੂੰ ਚੰਗੇਰਾ ਬਣਾਉਣ ਲਈ ਜੁੱਟ ਜਾਂਦੇ ਨੇ !
ਸਿੱਖਾਂ ਦੇ ਤੇ ਹੋਰ ਮਸਲੇ ਈ ਬੜੇ ਗੰਭੀਰ ਨੇ ਫੇਰ ਪਤਾ ਨਹੀਂ ਕਿੰਓ ਊਰਜਾ ਨਸ਼ਟ ਕਰਨ ਬਹਿ ਜਾਂਦੇ ਨੇ ! ਜਦੋਂ ਪਤਾ ਕਿ ਇਹਨਾਂ ਮਸਲਿਆਂ ਦਾ ਹੱਲ ਆਪਾਂ ਨਹੀਂ ਕਰ ਸਕਦੇ ! ਕੌਮ ਇਸ ਰੌੰਅ ਵਿੱਚ ਨਹੀਂ ਕਿ ਕੋਈ ਮਸਲਾ ਹੱਲ ਕਰ ਸਕੇ ! ਸ੍ਰੀ ਅਕਾਲ ਤੱਖਤ ਸਾਹਿਬ ਤੇ ਕੋਈ ਤੱਕੜੀ ਡਾਂਗ ਵਾਲਾ ਬਾਬਾ ਨਹੀਂ ਜੋ ਮਨਮੱਤੀਆਂ ਕਰਨ ਵਾਲੇ ਨੂੰ ਮੋੜਾ ਲਾ ਸਕੇ ! ਫਿਰ ਆਪਾਂ ਕਿੰਓ ਬਾਹਵਾਂ ਉਲਾਰ ਉਲਾਰ ਸਟੇਜਾਂ ਤੇ ਵਿਵਾਦਿਤ ਮੁੱਦਿਆਂ ਦਾ ਖਲਾਰਾ ਪਾਉਣ ਬਹਿ ਜਾਨੇ ਆ ! ਗੁਰੂ ਜਾਣੇ ਕਿਹਦੀ ਚਾਕਰੀ ਕਰ ਰਹੇ ਨੇ ਤੇ ਕਿਹਦੀ ਬੋਲੀ ਬੋਲ ਰਹੇ ਹਨ !
ਅਖੀਰ ਵਿੱਚ ਇਕ ਬੇਨਤੀ ਆ ਜੇ ਕਿਹੇ ਸੱਤ ਕਵਿੰਜਾ ਪਾਉਣ ਵਾਲੀ ਧਿਰ ਦੇ ਪੱਲੇ ਪੈਜੇ ਤੇ ਕੌਮੀ ਹਿੱਤ ਸਮਝ ਮੂੰਹ ਨੂੰ ਛਿੱਕਾ ਲੈ ਲਏ ਜਾਂ ਵਿਸ਼ਾ ਬਦਲ ਲਏ ! ਮਨ ਲਓ ਪੁਰਾਤਨ ਗ੍ਰੰਥਾਂ, ਰਹਿਤਨਾਮਿਆਂ, ਮਰਿਆਦਾਵਾਂ, ਇਤਿਹਾਸ ਜਾਂ ਹੋਰ ਸਰੋਤਾਂ ਚ, ਕੁਹ ਊਣਤਾਈਆਂ ਹੋਣਗੀਆਂ ! ਮੰਨ ਈ ਲਓ ! ਪਰ ਜ਼ਰਾ ਗੱਲ ਆਪਣੇ ਤੇ ਲਾ ਕੇ ਵੇਖੋ ਜਦੋਂ ਸਾਡਾ ਕੋਈ ਧੀ ਪੁੱਤ ਭੈਣ ਭਰਾ ਕੋਈ ਕੋਰਸ ਪਾਸ ਕਰ ਲੈਂਦਾ, ਵੱਧ ਨੰਬਰ ਲੈ ਆਉਂਦਾ, ਖੇਡਾਂ ਚ, ਅਵੱਲ ਆਉਂਦਾ ਜਾਂ ਕੋਈ ਵੀ ਮੱਲ ਮਾਰਦਾ ਆਪਾਂ ਪਰੇ ਪੰਚਾਇਤ ਰਿਸ਼ਤੇਦਾਰਾਂ ਚ, ਬੜੇ ਚੌੜੇ ਹੋ ਕੇ ਮਾਣ ਨਾਲ ਦੱਸਦੇ ਆਂ ! ਦੂਜੇ ਪਾਸੇ ਉਹੋ ਧੀ ਪੁੱਤ ਭੈਣ ਭਰਾ ਜਦੋਂ ਕੋਈ ਚੋਰੀ ਚਕਾਰੀ, ਨਸ਼ਾ ਪੱਤਾ, ਜਾਂ ਹੋਰ ਕੋਈ ਕੁਕਰਮ ਕਰਦਾ ਕਦੇ ਇਹ ਗੱਲ ਵੀ ਪਰੇ ਪੰਚਾਇਤ ਜਾਂ ਰਿਸ਼ਤੇਦਾਰਾਂ ਚ, ਦੱਸੀ ਜੇ ? ਨਾਂਹ,ਓੱਥੇ ਪਰਦਾ ਪਾਉਨੇਂ ਆਂ, ਠੱਕ ਦੇ ਆਂ ! ਪਰ ਆਪਣੇ ਗੁਰੂ, ਆਪਣੇ ਇਤਿਹਾਸ ਤੇ ਗ੍ਰੰਥਾਂ ਦੇ ਪਰਦੇ ਸਟੇਜਾਂ ਤੇ ਐਂ ਚੁੱਕਦੇ ਆਂ ਸਾਥੋਂ ਵੱਧ ਸਿਆਣਾ ਈ ਕੋਈ ਨੀ ! ਬੇਹਯਾਈ ਨਹੀਂ ਤੇ ਹੋਰ ਕੀ ! ਅਖੇ ਗੁਰੂ ਨੇ ਖਾਲਸਾ ਪ੍ਰਗਟ ਕਰਨ ਵੇਲੇ ਤੰਬੂ ਚ, ਬੱਕਰੇ ਵੱਢੇ ਦੂਜਾ ਕਹਿ ਦਿੰਦਾ ਨਹੀਂ ਬੰਦੇ ਵੱਢੇ ! ਕੌਣ ਹੁੰਦੇ ਨਾਸਤਿਕੋ ਤੂੰਹੀ ਇਹ ਸਵਾਲ ਖੜੇ ਕਰਨ ਵਾਲੇ ?
ਸਿਰਦਾਰ ਕਪੂਰ ਸਿੰਘ ਜੀ ਨੂੰ ਕਿਸੇ ਭਰੇ ਦੀਵਾਨ ਵਿੱਚ ਇਹ ਸਵਾਲ ਕੀਤਾ ਕਿ ਦਸਮ ਪਾਤਸ਼ਾਹ ਜੀ ਨੇ ਖਾਲਸਾ ਪ੍ਰਗਟ ਕਰਨ ਵੇਲੇ ਤੰਬੂ ਲਾ ਪਰਦੇ ਪਿੱਛੇ ਕੀ ਕੀਤਾ ਸਿੰਘਾਂ ਦੇ ਸਿਰ ਵਾਕਿਆ ਈ ਵੱਢੇ ਕਿ ……? ਸਿਰਦਾਰ ਸਾਹਿਬ ਆਖਿਅ ਸ਼ੈੱਟ ਅੱਪ…! ਮੱਤ ਕੋਈ ਹਮਾਕਤ ਕਰੇ ਪੁੱਛਣ ਦੀ ਕਿ ਗੁਰੁ ਪਾਤਸ਼ਾਹ ਜੀ ਨੇ ਪਰਦੇ ਪਿੱਛੇ ਕੀ ਕੀਤਾ ! ਜੇ ਗੁਰੂ ਨੇ ਪਰਦਾ ਕੀਤਾ ਤਾਂ ਅਵਸ਼ ਗੁਰੂ ਦੀ ਕੋਈ ਮੌਜ ਹੋਵੇਗੀ ਅੰਹੀ ਨਾਚੀਜ਼ ਕੌਣ ਹੁਨੇ ਪਰਦੇ ਚੁੱਕਣ ਵਾਲੇ ! ਇਹ ਹੈ ਇਕ ਪੜੇ ਲਿਖੇ ਵਿਦਵਾਨ ਦਾ ਅਗਲੇ ਨੂੰ ਨਿਰ-ਉਤਰ ਕਰਨ ਦਾ ਇਕ ਅੰਦਾਜ਼ ! ਵਲੈਤ ਤੋ ਪੜੇ ਲਿਖੇ ਵੀਹਵੀਂ ਸਦੀ ਦੇ ਧੁੱਰੰਤਰ ਵਿਦਵਾਨ ਨੇ ਏਨਾਂ ਪੜ ਕੇ ਵੀ ਕਦੇ ਸ਼ੰਕਾ ਨੇੜੇ ਨੀ ਫਟਕਣ ਦਿੱਤਾ ਤੇ ਅੰਹੀ ਛਿਮਾਹੀਂ ਪਾਸ ਹਰ ਪਰਦਾ ਚੁੱਕਣ ਲਈ ਕਾਹਲੇ ਆਂ ! ਪਹਿਲਾਂ ਆਪਣੇ ਜਵਾਕਾਂ ਨੂੰ ਸਿਰਦਾਰ ਕਪੂਰ ਸਿੰਘ ਦੇ ਲੈਵਲ ਦੀ ਵਿੱਦਿਆ ਪ੍ਰਦਾਨ ਕਰਾਲੋ ਉਤਰ ਉਹਨਾਂ ਆਪ ਹੀ ਦੇ ਦੇਣੇ ! ਤਾਹਡਾ ਸਾਡਾ ਤੇ ਪੜਨ ਦਾ ਸਮਾਂ ਲੰਘ ਗਿਆ ! ਲੜਨ ਦਾ ਸਮਾਂ ਏ ਉਹ ਵੀ ਪ੍ਰਧਾਨਗੀਆਂ, ਜਥੇਦਾਰੀਆਂ ਤੇ ਲੰਬੜਦਾਰੀਆਂ ਲਈ !
ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾਂ !
ਸਾਬਕਾ ਵਿਦਵਾਨ
ਬਿੱਟੂ ਅਰਪਿੰਦਰ ਸਿੰਘ ਸੇਖੋਂ
ਫਰੈੰਕਫੋਰਟ ਜਰਮਨ